ਅਗਸਤ 11, 2007 ਦੀ ਇਕੱਤਰਤਾ ਦੀ ਰਿਪੋਰਟ

               

 
 
     

ਰਿਪੋਰਟ ਅਤੇ ਤਸਵੀਰਾਂ

   

 
                   
 
ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ
ਅਮਰਜੀਤ ਘਣਗਸ ਦੀਆਂ ਦੋ ਕਾਵਿ-ਪੁਸਤਕਾਂ ਰਲੀਜ਼

        

ਨਿਊਯਾਰਕ-(ਸੁਰਿੰਦਰ ਸੋਹਲ)-ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ ਨਿਊਯਾਰਕ ਵਿਚ ਰਹਿੰਦੇ ਸੰਜੀਦਾ ਅਤੇ ਦਾਰਸ਼ਨਿਕ ਸ਼ਾਇਰ ਅਮਰਜੀਤ ਘਣਗਸ ਦੀਆਂ ਦੋ ਕਾਵਿ-ਪੁਸਤਕਾਂ ਰਲੀਜ਼ ਕੀਤੀਆਂ ਗਈਆਂ। ਪੰਜਾਬੀ ਦੀ ਚਰਚਿਤ ਗਾਇਕਾ ਨਰਿੰਦਰ ਮਾਵੀ ਅਤੇ ਨਿਊਯਾਰਕ ਦੇ ਦਾਨਸ਼ਵਰ ਮੁਸ਼ਤਾਕ ਸੂਫ਼ੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।

           
            ਅਕੈਡਮੀ ਦੀ ਇਹ ਮੀਟਿੰਗ ਪੰਜਾਬੀ ਸ਼ਾਇਰ ਦਲਜੀਤ ਮੋਖਾ ਦੇ ਘਰ ਫੌਰੈਸਟ ਹਿੱਲ, ਨਿਊਯਾਰਕ ਵਿਚ ਆਯੋਜਿਤ ਕੀਤੀ ਗਈ ਸੀ।

             
            ਸਭ ਤੋਂ ਪਹਿਲਾਂ ਪੰਜਾਬੀ ਗਾਇਕਾ ਨਰਿੰਦਰ ਮਾਵੀ ਨੇ 'ਹਰੀਏ ਨੀ ਰਸ ਭਰੀਏ ਖਜੂਰੇ' ਲੋਕ-ਗੀਤ ਏਨੀ ਸੋਜ਼ ਭਰੀ ਆਵਾਜ਼ ਵਿਚ ਪੇਸ਼ ਕੀਤਾ ਕਿ ਸਰੋਤੇ ਭਾਵੁਕ ਹੋਣੋ ਰਹਿ ਨਾ ਸਕੇ। ਜ਼ਮੀਨ ਤੋਂ ਖਜੂਰ ਦੇ ਫਲ ਦੀ ਦੂਰੀ ਦੇ ਬਿੰਬ ਨੂੰ ਪੇਕਿਆਂ ਤੋਂ ਦੂਰ ਸਹੁਰੇ ਘਰ ਜਾ ਰਹੀ ਧੀ ਨਾਲ ਜੋੜ ਕੇ ਰਚਿਆ ਇਹ ਲੋਕ-ਗੀਤ ਸਰੋਤਿਆਂ ਦੇ ਦਿਲਾਂ 'ਤੇ ਬੇਹੱਦ ਪ੍ਰਭਾਵ ਛੱਡ ਗਿਆ। ਮਾਵੀ ਨੇ ਦੂਸਰਾ ਗੀਤ 'ਸੋਹਣੀ ਪੱਗ ਬੰਨ੍ਹ ਵੀਰਨਾ ਰੁਲ ਜਾਣ ਨਾ ਇਹ ਸਿੱਖੀ ਸਰਦਾਰੀਆਂ' ਪੇਸ਼ ਕੀਤਾ ਜਿਹੜਾ ਉਹਨਾਂ ਨੌਜਵਾਨਾਂ ਨੂੰ ਸੇਧ ਪ੍ਰਦਾਨ ਕਰਦਾ ਸੀ, ਜਿਹੜੇ ਜੀਵਨ ਦੀਆਂ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਰਹੇ ਹਨ ਤੇ ਨਸ਼ਿਆਂ ਦੀ ਗ੍ਰਿਫਤ ਵਿਚ ਜਾ ਰਹੇ ਹਨ। ਰੀਟਾ ਕੋਹਲੀ ਨੇ ਦੋ ਗ਼ਜ਼ਲਾਂ ਗਾ ਕੇ ਆਪਣੀ ਫਨ ਦਾ ਇਜ਼ਹਾਰ ਕੀਤਾ।

           
            ਅਗਲੇ ਦੌਰ ਵਿਚ ਅਮਰਜੀਤ ਘਣਗੱਸ ਦੀਆਂ ਦੋ ਕਾਵਿ-ਪੁਸਤਕਾਂ 'ਊਣੇ ਦੁੱਧ' ਅਤੇ 'ਪਰਦਿਆਂ ਦਾ ਸ਼ਹਿਰ' ਰਲੀਜ਼ ਕੀਤੀਆਂ ਗਈਆਂ। ਰਲੀਜ਼ ਦੀ ਰਸਮ ਅਕੈਡਮੀ ਦੇ ਐਗਜ਼ੈਕਟਿਵ ਪ੍ਰਧਾਨ ਨਿਊਯਾਰਕ ਨੇ ਅਦਾ ਕੀਤੀ।

           
            ਆਪਣੀ ਕਵਿਤਾ ਬਾਰੇ ਵਿਚਾਰ ਪੇਸ਼ ਕਰਦੇ ਹੋਏ ਅਮਰਜੀਤ ਘਣਗੱਸ ਨੇ ਕਿਹਾ ਕਿ ਮੇਰੀ ਕਵਿਤਾ ਬਿਲਕੁਲ ਸਪਾਟ ਕਿਸਮ ਦੀ ਨਹੀਂ ਹੈ। ਇਸ ਵਿਚ ਆਏ ਮੈਟਾਫਰ ਅਲਗ ਅਲਗ ਸ਼ੇਡਾਂ ਵਿਚ ਅਰਥ ਦਿੰਦੇ ਹਨ। ਉਹਨਾਂ ਅਰਥਾਂ ਤੱਕ ਪਹੁੰਚਣ ਲਈ ਕਈ ਵਾਰ ਕਵਿਤਾ ਦੋ ਤਿੰਨ ਵਾਰ ਪੜ੍ਹਨੀ ਪੈਂਦੀ ਹੈ। ਹਰ ਸਤਰ ਦਾ ਦੂਸਰੀ ਨਾਲ ਵਿਸ਼ੇ ਪੱਖੋਂ 'ਲਿੰਕ' ਹੁੰਦਾ ਹੈ। ਪਾਠਕ ਨੂੰ ਇਹ ਲਿੰਕ ਤਲਾਸ਼ਣਾ ਵੀ ਪੈ ਸਕਦਾ ਹੈ। ਮੈਟਾਫਰ ਦੀਆਂ ਅਲਗ ਅਲਗ ਸ਼ੇਡਾਂ ਨੂੰ ਸਪੱਸ਼ਟ ਕਰਨ ਲਈ ਉਹਨਾਂ ਨੇ ਆਪਣੀਆਂ ਕੁਝ ਨਜ਼ਮਾਂ ਵੀ ਪੜ੍ਹੀਆਂ ਅਤੇ ਉਹਨਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਵੀ ਕੀਤੀ।
ਅਗਲੇ ਦੌਰ ਵਿਚ ਕਵੀ ਦਰਬਾਰ ਹੋਇਆ ਜਿਸ ਵਿਚ ਪ੍ਰੇਮ ਮਾਨ, ਰਜਿੰਦਰ ਜਿੰਦ, ਦਲਜੀਤ ਮੋਖਾ, ਸੁਰਿੰਦਰ ਸੋਹਲ, ਡਾ. ਅਵਤਾਰ ਸਿੰਘ, ਡਾ. ਹਰਸਿਮਰਨ ਸਿੰਘ ਸਭਰਵਾਲ, ਜਸਬੀਰ ਡੁਮੇਲੀ, ਬਲਬੀਰ ਡੁਮੇਲੀ, ਮਨਮੋਹਨ ਭੱਲਾ, ਰਣਧੀਰ ਸਿੰਘ ਨਿਊਯਾਰਕ ਨੇ ਰਚਨਾਵਾਂ ਪੇਸ਼ ਕੀਤੀਆਂ। ਭਾਗ ਸਿੰਘ ਰੱਕੜ ਨੇ ਕਹਾਣੀ 'ਮੁੱਕਦੇ ਰਿਸ਼ਤੇ' ਪੜ੍ਹੀ।

           
            ਮੁਸ਼ਤਾਕ ਸੂਫੀ ਨੇ ਆਪਣੇ ਵਿਲੱਖਣ ਅੰਦਾਜ਼ ਵਿਚ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅੱਜ ਮਾਨਵ ਵਿਰੋਧੀ ਸ਼ਕਤੀਆਂ ਜ਼ੋਰ ਫੜ੍ਹਦੀਆਂ ਜਾ ਰਹੀਆਂ ਹਨ। ਇਸ ਨਾਲ ਮਨੁੱਖ ਦੇ ਭਵਿੱਖ 'ਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਨਜ਼ਰ ਆ ਰਿਹਾ ਹੈ। ਪਰ ਜਿਵੇਂ ਸੂਰਜ ਡੁੱਬਣ ਤੋਂ ਬਾਅਦ ਦੀਵੇ ਦੇ ਸਹਾਰੇ ਰਾਤ ਕੱਟੀ ਜਾਂਦੀ ਹੈ, ਇਸੇ ਤਰ੍ਹਾਂ ਅੱਜ ਦਾ ਲੇਖ ਅਤੇ ਦਾਨਸ਼ਵਰ ਆਸ ਦਾ ਦੀਵਾ ਜਗਾ ਰਿਹਾ ਹੈ ਅਤੇ ਮਾਨਵ ਵਿਰੋਧੀ ਸ਼ਕਤੀਆਂ ਨੂੰ ਵੰਗਾਰ ਰਿਹਾ ਹੈ।
ਅੰਤ ਵਿਚ ਰੀਟਾ ਕੋਹਲੀ, ਨਰਿੰਦਰ ਮਾਵੀ ਅਤੇ ਸਤਨਾਮ ਕੌਰ ਸਭਰਵਾਲ ਨੇ ਇਕ ਇਕ ਗੀਤ ਪੇਸ਼ ਕੀਤਾ।

           
            ਇਸ ਮੀਟਿੰਗ ਵਿਚ ਰਣਜੀਤ ਗਰੋਵਰ, ਵਰਿੰਦਰ ਸੋਨੀ, ਅਵਤਾਰ ਸਿੰਘ ਸ਼ੇਰਪੁਰੀ, ਅਮਰਜੀਤ ਕੌਰ, ਪ੍ਰੋ. ਦਰਸ਼ਨ ਸਿੰਘ ਅਟਵਾਲ, ਰਾਜ ਮੋਖਾ, ਬਲਰਾਜ ਕੌਰ, ਸੁਖਵਿੰਦਰ ਖੱਟੜਾ, ਦਰਸ਼ਨਦੀਪ ਸਿੰਘ ਮਾਰਕੋ, ਪਰਮਜੀਤ ਕੌਰ ਆਦਿ ਵੀ ਸ਼ਾਮਿਲ ਸਨ। ਮੀਟਿੰਗ ਦੀ ਕਾਰਵਾਈ ਸੁਰਿੰਦਰ ਸੋਹਲ ਨੇ ਨਿਭਾਈ।