ਨਵੰਬਰ 17, 2007 ਦੀ ਇਕੱਤਰਤਾ ਦੀ ਰਿਪੋਰਟ
ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ ਡਾ. ਗੁਰਚਰਨ ਸਿੰਘ ਨੂੰ ਸਮੱਰਪਿਤ ਸਮਾਗਮ
ਪ੍ਰੋ. ਕੁਲਦੀਪ ਸਿੰਘ ਦੀ ਯਾਦ ਵਿਚ ਮੌਨ ਰੱਖਿਆ ਗਿਆ
ਨਿਊਯਾਰਕ- ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ ਪ੍ਰਸਿੱਧ ਸਿੱਖ ਵਿਦਵਾਨ ਅਤੇ ਪੰਜਾਬੀ ਲੇਖਕ ਡਾ. ਗੁਰਚਰਨ ਸਿੰਘ ਦੀ ਯਾਦ ਵਿਚ ਸਮਾਗਮ ਕੀਤਾ ਗਿਆ। ਇਹ ਭਰਵਾਂ ਸਮਾਗਮ ਰਿਚਮੰਡ ਹਿੱਲ ਨਿਊਯਾਰਕ ਵਿਚ ਸ. ਦਰਸ਼ਨਦੀਪ ਸਿੰਘ ਮਾਰਕੋ ਹੋਰਾਂ ਦੇ ਘਰ ਆਯੋਜਤ ਗਿਆ ਸੀ। ਇਸ ਮੌਕੇ ਡਾ. ਸਾਹਿਬ ਦੇ ਪਰਿਵਾਰ ਦੇ ਸਾਰੇ ਮੈਂਬਰ ਸ਼ਾਮਿਲ ਹੋਏ।
ਸਭ ਤੋਂ ਪਹਿਲਾਂ ਸਿੱਖ ਭਾਈਚਾਰੇ ਵਿਚੋਂ ਲੋਪ ਹੋ ਗਈ ਸ਼ਖਸੀਅਤ ਪ੍ਰੋ. ਕੁਲਦੀਪ ਸਿੰਘ ਦੀ ਯਾਦ ਵਿਚ ਇਕ ਮਿੰਟ ਦਾ ਮੌਨ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਸਮਾਗਮ ਦਾ ਪਹਿਲਾ ਦੌਰ ਡਾ. ਗੁਰਚਰਨ ਸਿੰਘ ਹੋਰਾਂ ਨੂੰ ਸਮੱਰਪਿਤ ਸੀ। ਇਸ ਮੌਕੇ ਡਾ. ਗੁਰਚਰਨ ਸਿੰਘ ਦੀ ਧਰਮ-ਪਤਨੀ, ਉਹਨਾਂ ਦੇ ਦੋਵੇਂ ਬੇਟੇ ਦਵਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਹੋਏ। ਡਾ. ਗੁਰਚਰਨ ਸਿੰਘ ਦੇ ਬੇਟੇ ਦਵਿੰਦਰ ਸਿੰਘ ਨੇ ਕਿਹਾ ਕਿ ਮੈਂ ਅੰਗਰੇਜ਼ੀ ਸੰਗੀਤ ਨਾਲ ਸੰਬੰਧਿਤ ਹਾਂ। ਮੈਨੂੰ ਪੰਜਾਬੀ ਗੀਤ-ਸੰਗੀਤ ਦੀ ਕੋਈ ਸਮਝ ਨਹੀਂ ਸੀ। ਪਰ ਮੈਂ ਆਪਣੇ ਪਿਤਾ ਜੀ ਦੀ ਪ੍ਰੇਰਣਾ ਸਦਕਾ ਪੰਜਾਬੀ ਗੀਤਾਂ ਦਾ ਵੀ ਰਿਆਜ਼ ਕੀਤਾ ਅਤੇ ਸਫਲਤਾ ਨਾਲ ਗਾਇਆ। ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੇਰੇ ਪਿਤਾ ਜੀ ਨੇ ਮੈਨੂੰ ਪੰਜਾਬੀ ਵਿਚ ਗਾਉਂਦੇ ਨੂੰ ਵੀ ਸੁਣਿਆ।
ਦਵਿੰਦਰ ਸਿੰਘ ਨੇ ਰੂਬੀ ਸ਼ੇਰਗਿੱਲ ਦਾ ਪ੍ਰਸਿੱਧ ਗੀਤ 'ਤੇਰੇ ਬਿਨ ਸਾਨੂੰ ਸੋਹਣਿਆ' ਗਿਟਾਰ 'ਤੇ ਗਾ ਕੇ ਆਪਣੇ ਪਿਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮਨੋਹਰ ਸਿੰਘ ਮਾਰਕੋ ਵਲੋਂ ਖਿੱਚੀ ਗਈ ਡਾ. ਗੁਰਚਰਨ ਸਿੰਘ ਦੀ ਕਲਾਤਮਕ ਫੋਟੋ ਸੰਗਤ ਸਿੰਘ ਸਿਆਲੀ ਨੇ ਡਾ. ਸਾਹਿਬ ਦੇ ਪਰਿਵਾਰ ਨੂੰ ਭੇਂਟ ਕੀਤੀ। ਸ੍ਰੀਮਤੀ ਗੁਰਚਰਨ ਸਿੰਘ ਨੇ ਕਿਹਾ ਕਿ ਮੈਂ ਇਸ ਸਮਾਗਮ ਵਿਚ ਸਾਰੇ ਪਰਿਵਾਰ ਨਾਲ ਬੈਠੀ, ਇਹ ਮਹਿਸੂਸ ਕਰ ਰਹੀ ਹਾਂ ਕਿ ਡਾ. ਸਾਹਿਬ ਸਾਡੇ ਦਰਮਿਆਨ ਹਾਜ਼ਰ ਹਨ।
ਡਾ. ਜੀਤ ਚੰਦਨ, ਡਾ. ਰਾਮ ਜੀ ਦਾਸ ਸੇਠੀ 'ਮਾਹਤਾਬ', ਰਾਜਿੰਦਰ ਜਿੰਦ, ਪ੍ਰਗਟ ਸਿੰਘ ਪੰਜਾਬੀ, ਬਲਬੀਰ ਡੁਮੇਲੀ, ਅਮਰਜੀਤ ਘਣਗੱਸ ਨੇ ਡਾ. ਸਾਹਿਬ ਬਾਰੇ ਲਿਖੀਆਂ ਨਜ਼ਮਾਂ ਪੜ੍ਹੀਆਂ।
ਪ੍ਰੇਮ ਮਾਨ, ਰਣਧੀਰ ਸਿੰਘ ਨਿਊਯਾਰਕ, ਜੱਜ ਜੀਤ ਨਾਹਲ, ਰੀਟਾ ਕੋਹਲੀ, ਅਜੀਤ ਕੌਰ, ਸੁਰਿੰਦਰ ਸਿੰਘ ਬੈਦਵਾਨ, ਡਾ. ਰਣਜੀਤ ਗਰੋਵਰ, ਸੰਗਤ ਸਿੰਘ ਸਿਆਲੀ ਨੇ ਇਸ ਮੌਕੇ ਡਾ. ਸਾਹਿਬ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਸਮੇਂ ਡਾ. ਸਾਹਿਬ ਦਾ ਕਲਾਮ ਵੀ ਸਾਂਝਾ ਕੀਤਾ ਗਿਆ।
ਅਗਲੇ ਦੌਰ ਵਿਚ ਕਵੀ ਦਰਬਾਰ ਹੋਇਆ ਜਿਸ ਵਿਚ ਦਲਜੀਤ ਮੋਖਾ ਨੇ ਪਰਮਿੰਦਰ ਸੋਢੀ ਦੀ ਨਜ਼ਮ ਸਾਂਝੀ ਕੀਤੀ। ਮਿਸਿਜ਼ ਮਾਰਕੋ ਨੇ ਸ. ਮਨੋਹਰ ਸਿੰਘ ਮਾਰਕੋ ਦੀ ਨਜ਼ਮ ਪੇਸ਼ ਕੀਤੀ। ਬਲਬੀਰ ਡੁਮੇਲੀ, ਮਨਮੋਹਨ ਪੂਨੀ, ਜਸਬੀਰ ਡੁਮੇਲੀ, ਦੀਪ ਮੰਗਲੀ, ਅਮਰਜੀਤ ਘਣਗੱਸ, ਪ੍ਰੇਮ ਮਾਨ, ਰਾਜਿੰਦਰ ਜਿੰਦ, ਰਣਧੀਰ ਸਿੰਘ ਨਿਊਯਾਰਕ, ਸੁਰਿੰਦਰ ਸੋਹਲ, ਅਜੀਤ ਕੌਰ, ਜੀਤ ਚੰਦਨ, ਪਰਗਟ ਸਿੰਘ ਪੰਜਾਬੀ, ਆਦਿ ਨੇ ਹਿੱਸਾ ਲਿਆ। ਭਾਗ ਸਿੰਘ ਰੱਕੜ ਨੇ ਕਹਾਣੀ 'ਉਡੀਕ' ਪੜ੍ਹੀ। ਸੁਰਿੰਦਰ ਸਿੰਘ ਬੈਦਵਾਨ ਨੇ ਆਪਣੀ ਮਰਹੂਮ ਪਤਨੀ ਗੁਰਜੀਤ ਕੌਰ ਦੀ ਲਿਖੀ ਕਹਾਣੀ 'ਗੰਗਾ ਜਲ' ਪੜ੍ਹ ਕੇ ਗੁਰਜੀਤ ਕੌਰ ਦੀ ਯਾਦ ਤਾਜ਼ਾ ਕਰਵਾ ਦਿੱਤੀ। ਦੀਪ ਮੰਗਲੀ ਨੇ ਨਿਬੰਧ 'ਮਾਂ ਦੇ ਨਾ ਖ਼ਤ' ਪੜ੍ਹਿਆ।
ਅੰਤਿਮ ਦੌਰ ਵਿਚ ਰੀਟਾ ਕੋਹਲੀ ਨੇ ਦੋ ਪੰਜਾਬੀ ਗੀਤ ਪੇਸ਼ ਕੀਤੇ। ਕਵਿਤਾ, ਕਹਾਣੀ, ਗੀਤ-ਸੰਗੀਤ ਨਾਲ ਲਬਰੇਜ਼ ਇਸ ਸਮਾਗਮ ਵਿਚ ਉਦਾਸੀ, ਵਿਛੋੜੇ, ਖ਼ੁਸ਼ੀ, ਮੋਹ, ਮਮਤਾ, ਨਿੱਘ ਦੇ ਅਨੇਕ ਰੰਗ ਦੇਖਣ ਨੂੰ ਮਿਲੇ।
ਡਾ. ਰਣਜੀਤ ਗਰੋਵਰ ਵਲੋਂ ਆਏ ਸਭ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਸਮਾਗਮ ਵਿਚ ਹੋਰਾਂ ਤੋਂ ਇਲਾਵਾ ਅਜਮੇਰ ਕੌਰ, ਸਰਬਜੀਤ ਕੌਰ, ਮਨੋਹਰ ਸਿੰਘ, ਸਿਮਲਾ ਸੇਠੀ, ਸਰਬਜੀਤ ਮਾਨ, ਅਮਰੀਜਤ ਕੌਰ ਸੋਹਲ, ਮਿਸਿਜ਼ ਨਾਹਲ, ਦਰਸ਼ਨਦੀਪ ਸਿੰਘ ਮਾਰਕੋ ਹਾਜ਼ਰ ਸਨ।
ਅਕੈਡਮੀ ਦੀ ਅਗਲੀ ਮੀਟਿੰਗ 8 ਦਸੰਬਰ ਨੂੰ ਸ. ਰਣਧੀਰ ਸਿੰਘ ਨਿਊਯਾਰਕ ਦੇ ਘਰ ਸ਼ਾਮੀਂ 6 ਵਜੇ ਹੋਵੇਗੀ। ਇਸ ਮੀਟਿੰਗ ਦੀ ਕਾਰਵਾਈ ਨੌਜਵਾਨ ਪੰਜਾਬੀ ਸ਼ਾਇਰ ਰਾਜਿੰਦਰ ਜਿੰਦ ਨਿਭਾਉਣਗੇ। |