ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ ਗਾਇਕਾ ਰੀਟਾ ਕੋਹਲੀ ਦੇ ਰੂਬਰੂ
ਪੰਜਾਬੀ ਫੋਕ ਵਿਚ ਸਭ ਤੋਂ ਵੱਧ ਰਾਗ ਗਾਏ ਜਾਂਦੇ ਹਨ
ਨਿਊਯਾਰਕ-(ਅਵਤਾਰ ਸਿੰਘ ਸ਼ੇਰਪੁਰੀ)- 'ਪੰਜਾਬੀ ਫੋਕ ਵਿਚ ਜਿੰਨੇ ਰਾਗ ਗਾਏ ਜਾਂਦੇ ਹਨ, ਦੁਨੀਆ ਦੇ ਕਿਸੇ ਫੋਕ ਵਿਚ ਓਨੇ ਰਾਗ ਨਹੀਂ ਗਾਏ ਜਾਂਦੇ। ਇਹ ਪੰਜਾਬੀ ਗਾਇਕੀ-ਸੰਗੀਤ-ਫੋਕ ਅਤੇ ਕਲਾ ਲਈ ਬੇਹੱਦ ਮਾਣ ਵਾਲੀ ਗੱਲ ਹੈ।' ਇਹ ਵਿਚਾਰ ਪੰਜਾਬੀ ਗਾਇਕਾ ਰੀਟਾ ਕੋਹਲੀ ਵਲੋਂ ਪਰਗਟ ਕੀਤੇ ਗਏ। ਉਹ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਸਿਲਸਿਲੇਵਾਰ ਮੀਟਿੰਗ ਵਿਚ ਰੂਬਰੂ ਦੌਰਾਨ ਸਰੋਤਿਆਂ ਨੂੰ ਸੰਬੋਧਨ ਹੋ ਰਹੇ ਸਨ।
ਇਹ ਮੀਟਿੰਗ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸ਼ਖਸੀਅਤ ਬੀ ਜੇ ਸਿੰਘ ਵਲੋਂ ਕੋਟੀਲੀਅਨ ਰੈਸਟੋਰੈਂਟ, ਲਾਂਗ ਆਈਲੈਂਡ ਨਿਊਯਾਰਕ, ਵਿਚ ਆਯੋਜਤ ਕੀਤੀ ਗਈ ਸੀ। ਇਸ ਮੀਟਿੰਗ ਦੀ ਪ੍ਰਧਾਨਗੀ ਆਪਣੇ ਜ਼ਮਾਨੇ ਦੀ ਪ੍ਰਸਿੱਧ ਸੰਗੀਤਕ ਹਸਤੀ ਰਾਜਾ ਮਰਗਿੰਦਰ ਸਿੰਘ ਹੋਰਾਂ ਨੇ ਕੀਤੀ।
ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਮੈਂਬਰਾਂ ਦੀਆਂ ਰਚਨਾਵਾਂ 'ਤੇ ਕੇਂਦਰਿਤ ਪੰਜਾਬੀ ਰਸਾਲੇ 'ਪ੍ਰਤੀਮਾਨ' ਦਾ ਵਿਸ਼ੇਸ਼ ਅੰਕ ਰਲੀਜ਼ ਕੀਤਾ ਗਿਆ। ਰਲੀਜ਼ ਕਰਨ ਦੀ ਰਸਮ ਅਕੈਡਮੀ ਦੀ ਉਮਰ ਭਰ ਦੀ ਪ੍ਰਧਾਨ ਮਿਸਿਜ਼ ਮਨੋਹਰ ਸਿੰਘ ਮਾਰਕੋ ਵਲੋਂ ਰਲੀਜ਼ ਕੀਤਾ ਗਿਆ। ਅਕੈਡਮੀ ਦੇ ਅਗਜ਼ੈਕਟਿਵ ਪ੍ਰਧਾਨ ਰਣਧੀਰ ਸਿੰਘ ਨਿਊਯਾਰਕ ਵਲੋਂ ਇਹ ਵਿਸ਼ੇਸ਼ ਅੰਕ ਕੱਢਣ 'ਤੇ ਸਭ ਨੂੰ ਵਧਾਈ ਦਿੱਤੀ ਗਈ ਅਤੇ ਇਸ ਅੰਕ ਨੂੰ ਅਕੈਡਮੀ ਦੀ ਸਥਾਪਤੀ ਵਿਚ ਇਕ ਮੀਲ ਪੱਥਰ ਕਿਹਾ ਗਿਆ। ਪ੍ਰੇਮ ਮਾਨ ਨੇ ਇਹ ਅੰਕ ਪ੍ਰਕਾਸ਼ਿਤ ਕਰਨ ਲਈ ਮੈਗਜ਼ੀਨ ਦੇ ਐਡੀਟਰ ਅਮਰਜੀਤ ਕੌਂਕੇ ਦਾ ਵਿਸ਼ੇਸ਼ ਧੰਨਵਾਦ ਕੀਤਾ। ਯਾਦ ਰਹੇ, ਇਸ ਅੰਕ ਵਿਚ ਸਿਰਫ ਅਕੈਡਮੀ ਦੇ ਮੈਂਬਰਾਂ ਦੀਆਂ ਰਚਨਾਵਾਂ ਹੀ ਪ੍ਰਕਾਸ਼ਿਤ ਹੋਈਆਂ ਹਨ ਅਤੇ ਇਹ ਅੰਕ ਪ੍ਰਸਿੱਧ ਸਿੱਖ ਵਿਦਵਾਨ ਅਤੇ ਸ਼ਾਇਰ ਮਨੋਹਰ ਸਿੰਘ ਮਾਰਕੋ ਦੀ ਮਿੱਠੀ ਯਾਦ ਨੂੰ ਸਮੱਰਪਿਤ ਹੈ।
ਅਗਲੇ ਦੌਰ ਵਿਚ ਗਾਇਕਾ ਰੀਟਾ ਕੋਹਲੀ ਨੇ ਸੰਗੀਤ ਨਾਲ ਸੰਬੰਧਿਤ ਸੰਵਾਦ ਰਚਾਇਆ। ਉਹਨਾਂ ਕਿਹਾ ਕਿ ਉਹਨਾਂ ਨੂੰ ਸੰਗੀਤ ਨਾਲ ਪਿਆਰ, ਪਿਤਾ ਜੀ ਦੇ ਸੰਗੀਤਮਈ ਸ਼ੌਕ ਕਾਰਨ ਹੋਇਆ। ਉਹਨਾਂ ਦਾ ਸੰਬੰਧ ਵੱਡੇ ਵੱਡੇ ਸੰਗੀਤ ਘਰਾਣਿਆਂ ਨਾਲ ਰਿਹਾ।
ਅੰਤਲੇ ਦੌਰ ਵਿਚ ਕਵੀ ਦਰਬਾਰ ਕੀਤਾ ਗਿਆ, ਜਿਸ ਵਿਚ ਰਣਧੀਰ ਸਿੰਘ ਨਿਊਯਾਰਕ, ਸੁਰਿੰਦਰ ਸੋਹਲ, ਡਾ. ਰਾਮ ਜੀ ਦਾਸ ਸੇਠੀ 'ਮਾਹਤਾਬ', ਜੀਤ ਚੰਦਨ, ਪ੍ਰੇਮ ਮਾਨ, ਰਜਿੰਦਰ ਜਿੰਦ, ਹਰਮਿੰਦਰ ਸਿੰਘ, ਬਲਬੀਰ ਸਿੰਘ ਡੁਮੇਲੀ, ਭਾਗ ਸਿੰਘ ਰੱਕੜ, ਮਨਮੋਹਨ ਪੂਨੀ, ਜਸਬੀਰ ਸਿੰਘ ਡੁਮੇਲੀ ਆਦਿ ਨੇ ਹਿੱਸਾ ਲਿਆ। ਸੁਖਵਿੰਦਰ ਖੱਟੜਾ ਨੇ ਹੁਣੇ ਹੁਣੇ ਦੁਨੀਆ ਤੋਂ ਤੁਰ ਗਏ ਸ਼ਾਇਰ ਲਾਲ ਸਿੰਘ ਦਿਲ ਨੂੰ ਸ਼ਰਧਾਂਜਲੀ ਦੇਣ ਹਿੱਤ ਦਿਲ ਦੀਆਂ ਕੁਝ ਨਜ਼ਮਾਂ ਪੜ੍ਹੀਆਂ। ਰਣਜੀਤ ਗਰੋਵਰ ਨੇ ਸਾਹਿਤਕ ਟੋਟਕੇ ਪੜ੍ਹੇ। ਮਿਸਿਜ਼ ਮਾਰਕੋ ਨੇ ਮਨੋਹਰ ਸਿੰਘ ਮਾਰਕੋ ਹੋਰਾਂ ਦੀ ਗ਼ਜ਼ਲ ਸਾਂਝੀ ਕੀਤੀ।
ਮੀਟਿੰਗ ਦੀ ਕਾਰਵਾਈ ਸੁਰਿੰਦਰ ਸੋਹਲ ਨੇ ਨਿਭਾਈ।
ਇਸ ਮੀਟਿੰਗ ਵਿਚ ਹੋਰਾਂ ਤੋਂ ਇਲਾਵਾ ਅਵਤਾਰ ਸਿੰਘ ਸ਼ੇਰਪੁਰੀ, ਬੀਰ ਗਰੇਵਾਲ, ਸਰਬਜੀਤ ਮਾਨ, ਮਿਸਿਜ਼ ਸੇਠੀ, ਅਮਰਜੀਤ ਕੌਰ, ਅਜਮੇਰ ਕੌਰ, ਸਰਬਜੀਤ ਕੌਰ, ਕਰਮਿੰਦਰ ਸਿੰਘ ਆਦਿ ਨੇ ਭਾਗ ਲਿਆ। |