ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ
'ਜੇ ਮੈਂ ਜਾਣਦੀ' ਕਿਤਾਬ ਦੀ ਲੇਖਕਾ ਡਾ. ਗਰੋਵਰ ਦਾ ਰੂ-ਬਰੂ
ਜੂਨ 9, 2007 ਨੂੰ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਮੀਟਿੰਗ ਵਿਚ 'ਜੇ ਮੈਂ ਜਾਣਦੀ...' ਪੁਸਤਕ ਦੀ ਲੇਖਕਾ ਡਾ. ਰਣਜੀਤ ਗਰੋਵਰ ਨਾਲ ਰੂ-ਬਰੂ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਪੰਜਾਬੀ ਭਾਈਚਾਰੇ ਵਿਚ ਜਾਣੀ ਪਹਿਚਾਣੀ ਸ਼ਖ਼ਸੀਅਤ ਡਾ. ਹਰਸਿਮਰਨ ਸਿੰਘ ਸਭਰਵਾਲ ਦੇ ਘਰ ਲਾਂਗ ਆਈਲੈਂਡ ਵਿਚ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਰਣਧੀਰ ਸਿੰਘ ਨਿਊਯਾਰਕ ਅਤੇ ਸ੍ਰੀਮਤੀ ਮਨੋਹਰ ਸਿੰਘ ਮਾਰਕੋ ਸੁਸ਼ੋਭਿਤ ਸਨ।
ਡਾ. ਰਣਜੀਤ ਗਰੋਵਰ ਨੇ ਵਿਸਥਾਰ ਨਾਲ ਆਪਣੇ ਜੀਵਨ ਅਤੇ ਕਾਰਜ ਖੇਤਰ ਬਾਰੇ ਚਾਨਣਾ ਪਾਇਆ। ਪੂਰਬੀ-ਭਾਰਤੀ ਜੋੜਿਆਂ ਵਿਚਕਾਰ ਹੋਣ ਵਾਲੇ ਤਲਾਕਾਂ ਦੇ ਕਾਰਨਾਂ ਅਤੇ ਹਾਲਤਾਂ ਦਾ ਜ਼ਿਕਰ ਕਰਦੇ ਹੋਏ ਡਾ. ਗਰੋਵਰ ਵਲੋਂ ਕੁਝ ਇਕ ਇਹੋ ਜਿਹੇ ਕੇਸਾਂ ਦਾ ਚਰਚਾ ਵੀ ਕੀਤਾ ਗਿਆ। ਆਪਣੀ ਗੱਲਬਾਤ ਦਾ ਸੰਤੁਲਨ ਬਣਾਈ ਰੱਖਦੇ ਹੋਏ ਡਾ. ਗਰੋਵਰ ਨੇ ਤਲਾਕ ਲਈ ਸਿਰਫ਼ ਮਰਦ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਸਗੋਂ ਔਰਤ ਵਲੋਂ ਕੀਤੀਆਂ ਗ਼ਲਤੀਆਂ ਦੀ ਨਿਸ਼ਾਨਦੇਹੀ ਵੀ ਕੀਤੀ।
ਡਾ. ਹਰਸਿਮਰਨ ਸਿੰਘ ਸਭਰਵਾਲ, ਡਾ. ਜੀਤ ਚੰਦਨ, ਬੀਰਇੰਦਰ ਸਿੰਘ, ਦਲਜੀਤ ਮੋਖਾ, ਮਨੋਹਰ ਸਿੰਘ, ਪ੍ਰੇਮ ਮਾਨ, ਰੀਟਾ ਕੋਹਲੀ, ਅਤੇ ਰਣਧੀਰ ਸਿੰਘ ਨਿਊਯਾਰਕ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਡਾ. ਗਰੋਵਰ ਨੇ ਸੁਚੱਜੇ ਤੇ ਸੁਲਝੇ ਹੋਏ ਢੰਗ ਨਾਲ ਦਿੱਤੇ।
ਮੀਟਿੰਗ ਦੇ ਪਹਿਲੇ ਦੌਰ ਨੂੰ ਸਮੇਟਦੇ ਹੋਏ ਰਣਧੀਰ ਸਿੰਘ ਨਿਊਯਾਰਕ ਨੇ ਕਿਹਾ ਕਿ ਅਕੈਡਮੀ ਵਲੋਂ ਰੂ-ਬਰੂ ਦੀ ਪਾਈ ਪਿਰਤ ਸ਼ਲਾਘਾਯੋਗ ਹੈ। ਇਸ ਨਾਲ ਸਾਨੂੰ ਉਸ ਸ਼ਖ਼ਸੀਅਤ ਦੇ ਅੰਦਰਲੇ ਮਨ ਦੇ ਦਰਸ਼ਨ ਕਰਨ ਦਾ ਮੌਕਾ ਹੀ ਨਹੀਂ ਮਿਲਦਾ, ਸਗੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ।
ਅਗਲੇ ਦੌਰ ਦੀ ਸ਼ੁਰੂਆਤ ਡਾ. ਜੋਧ ਸਿੰਘ ਅਰੋੜਾ ਨੇ ਆਪਣੀ ਕਹਾਣੀ 'ਇੰਝ ਵੀ ਹੁੰਦਾ ਹੈ..' ਰਾਹੀਂ ਕੀਤੀ। ਡਾ. ਜੀਤ ਚੰਦਨ, ਸੁਰਿੰਦਰ ਸੋਹਲ, ਪਰਮਜੀਤ ਸਾਗਰ, ਰਜਿੰਦਰ ਜਿੰਦ, ਦਲਜੀਤ ਮੋਖਾ, ਪ੍ਰੇਮ ਮਾਨ, ਡਾ. ਹਰਸਿਮਰਨ ਸਿੰਘ ਸਭਰਵਾਲ, ਹਰਪਾਲ ਕੌਰ, ਚਤਰ ਸਿੰਘ ਸਾਹਨੀ ਨੇ ਕਾਵਿਕ ਰੰਗ ਬਖੇਰੇ। ਰੀਟਾ ਕੋਹਲੀ ਨੇ ਦੋ ਗ਼ਜ਼ਲਾਂ ਗਾ ਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਗੋਲੀ ਮਦਾਨ ਅਤੇ ਸਤਨਾਮ ਕੌਰ ਨੇ ਪੰਜਾਬੀ ਗੀਤ ਪੇਸ਼ ਕਰਕੇ ਵਾਹ ਵਾਹ ਖੱਟੀ।
ਇਸ ਸਮਾਗਮ ਵਿਚ ਹੋਰਾਂ ਤੋਂ ਇਲਾਵਾ ਵਰਿੰਦਰ ਮਦਾਨ, ਰਾਜ ਮੋਖਾ, ਬਲਜੀਤ ਕੌਰ, ਸਰਬਜੀਤ ਮਾਨ, ਅਜਮੇਰ ਕੌਰ, ਹਰਜੀਤ ਕੌਰ, ਰਬਿੰਦਰ ਸਿੰਘ ਬਖ਼ਸ਼ੀ, ਮਨਜੀਤ ਕੌਰ, ਅਮਰਜੀਤ ਸਿੰਘ ਸਭਰਵਾਲ, ਵੀਨਾ ਅਰੋੜਾ, ਜਸਬੀਰ ਕੌਰ ਆਨੰਦ, ਜੋਗਿੰਦਰ ਸਿੰਘ ਆਨੰਦ ਹਾਜ਼ਰ ਸਨ।
ਅੰਤ ਵਿਚ ਡਾ. ਹਰਸਿਮਰਨ ਸਿੰਘ ਸਭਰਵਾਲ ਵਲੋਂ ਸ਼ਾਨਦਾਰ ਡਿਨਰ ਪਰੋਸਿਆ ਗਿਆ। ਸਮਾਗਮ ਦੀ ਕਾਰਵਾਈ ਸੁਰਿੰਦਰ ਸੋਹਲ ਨੇ ਨਿਭਾਈ।
|