ਅਪ੍ਰੈਲ 5, 2008 ਦੀ ਇਕੱਤਰਤਾ ਦੀ ਰਿਪੋਰਟ

           

 
          

ਰਿਪੋਰਟ ਅਤੇ ਤਸਵੀਰਾਂ

                  

 
          

ਗੁਰਜੀਤ ਕੌਰ ਬੈਦਵਾਨ ਦਾ ਕਹਾਣੀ ਸੰਗ੍ਰਹਿ 'ਗਰੀਨ ਕਾਰਡ' ਰਲੀਜ਼

ਸੁਰਿੰਦਰ ਬੈਦਵਾਨ ਹੋਰਾਂ ਦੇ ਰੂ-ਬਰੂ

 

ਨਿਊਯਾਰਕ (ਸੁਰਿੰਦਰ ਸੋਹਲ) -'ਜੇਕਰ ਕੋਈ ਦੂਸਰਾ ਜਨਮ ਹੁੰਦਾ ਹੈ ਤਾਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਗੁਰਜੀਤ ਕੌਰ ਅਗਲੇ ਜਨਮ ਵਿਚ ਫਿਰ ਮੇਰੀ ਮਾਂ ਬਣੇ ਤੇ ਮੈਂ ਉਸਦਾ ਪੁੱਤਰ ਬਣਾਂ।' ਸਵ. ਗੁਰਜੀਤ ਕੌਰ ਬੈਦਵਾਨ ਦੇ ਬੇਟੇ ਪ੍ਰੀਤ ਨੇ ਇਕੋ ਫਿਕਰੇ ਨਾਲ ਸਭ ਨੂੰ ਭਾਵੁਕ ਕਰ ਦਿੱਤਾ।

                

                 ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ ਗੁਰਜੀਤ ਕੌਰ ਬੈਦਵਾਨ ਹੋਰਾਂ ਦਾ ਕਹਾਣੀ ਸੰਗ੍ਰਹਿ 'ਗਰੀਨ ਕਾਰਡ' ਰਲੀਜ਼ ਕਰਨ ਲਈ ਰਚਾਏ ਗਏ ਸਮਾਗਮ ਵਿਚ ਉਹਨਾਂ ਦਾ ਬੇਟਾ ਪ੍ਰੀਤ ਬੋਲ ਰਿਹਾ ਸੀ। ਉਸ ਵਲੋਂ ਤੁਰ ਗਈ ਮਾਂ ਬਾਰੇ ਸ਼ਿੱਦਤ ਨਾਲ ਪੇਸ਼ ਕੀਤੇ ਵਿਚਾਰਾਂ ਨਾਲ ਇਕ ਵਾਰ ਸਾਰਾ ਮਾਹੌਲ ਹੀ ਉਦਾਸੀ ਦੇ ਰੰਗ ਵਿਚ ਡੁੱਬ ਗਿਆ।

                

                 ਅਕੈਡਮੀ ਵਲੋਂ ਇਹ ਸਮਾਗਮ ਪੰਜਾਬੀ ਸ਼ਾਇਰ ਰਣਧੀਰ ਸਿੰਘ ਨਿਊਯਾਰਕ ਦੇ ਘਰ 5 ਅਪ੍ਰੈਲ, 2008 ਨੂੰ ਰਚਾਇਆ ਗਿਆ ਸੀ। ਇਹ ਸਮਾਗਮ ਭਾਰਤ ਤੋਂ ਆਏ ਗੁਰਚਰਨ ਬੱਧਣ ਹੋਰਾਂ ਦੀ ਪ੍ਰਧਾਨਗੀ ਵਿਚ ਕੀਤਾ ਗਿਆ।

                

                 ਸਭ ਤੋਂ ਪਹਿਲਾਂ ਡਾ. ਰਣਜੀਤ ਗਰੋਵਰ ਨੇ ਆਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ 'ਜੀ ਆਇਆਂ' ਆਖਿਆ।

                

                 ਉਸ ਤੋਂ ਬਾਅਦ ਗੁਰਜੀਤ ਕੌਰ ਬੈਦਵਾਨ ਹੋਰਾਂ ਦੇ ਪਤੀ ਕਹਾਣੀਕਾਰ ਸੁਰਿੰਦਰ ਸਿੰਘ ਬੈਦਵਾਨ ਦੇ ਰੂ-ਬਰੂ ਕੀਤਾ ਗਿਆ। ਉਹਨਾਂ ਨੇ ਆਖਿਆ ਕਿ ਗੁਰਜੀਤ ਨੂੰ ਕਹਾਣੀਆਂ ਲਿਖਣ ਦਾ ਸ਼ੌਕ ਸੀ। ਉਹ ਆਪ ਸਾਹਿਤ ਪ੍ਰੇਮੀ ਹੀ ਸਨ। ਪਰ ਗੁਰਜੀਤ ਦੇ ਜਹਾਨ ਤੋਂ ਤੁਰ ਜਾਣ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਹਨਾਂ ਨੂੰ ਯਾਦ ਰੱਖਣ ਦਾ ਇਕੋ ਇਕ ਵਸੀਲਾ ਹੈ ਕਿ ਮੈਂ ਵੀ ਲਿਖਣਾ ਸ਼ੁਰੂ ਕਰ ਦੇਵਾਂ। ਇੰਝ ਲਿਖਣ ਦੇ ਖੇਤਰ ਵਿਚ ਮੈਂ ਪੈਰ ਪਾਇਆ ਅਤੇ ਚਾਰ ਕਹਾਣੀਆਂ ਲਿਖੀਆਂ ਹਨ। ਉਹਨਾਂ ਨੇ ਗੁਰਜੀਤ ਨਾਲ ਜ਼ਿੰਦਗੀ ਦੇ ਬਿਤਾਏ ਚਾਲੀ ਵਰ੍ਹਿਆਂ ਨੂੰ ਨਮ ਅੱਖਾਂ ਨਾਲ ਯਾਦ ਕੀਤਾ। ਸ. ਬੈਦਵਾਨ ਹੋਰਾਂ ਨੇ ਇਸ ਸੰਗ੍ਰਹਿ ਦੇ ਕਿਤਾਬੀ ਰੂਪ ਵਿਚ ਆਉਣ ਲਈ ਡਾ. ਬਲਦੇਵ ਸਿੰਘ ਧਾਲੀਵਾਲ ਵਲੋਂ ਪਾਏ ਯੋਗਦਾਨ ਕਾਰਨ ਉਹਨਾਂ ਦਾ ਧੰਨਵਾਦ ਕੀਤਾ।

                

                 ਰਣਧੀਰ ਸਿੰਘ ਨਿਊਯਾਰਕ, ਰਾਜਿੰਦਰ ਜਿੰਦ, ਬਲਬੀਰ ਸਿੰਘ ਡੁਮੇਲੀ, ਪਰਗਟ ਸਿੰਘ ਪੰਜਾਬੀ, ਰਮਨਦੀਪ ਬੈਦਵਾਨ, ਪ੍ਰੀਤ ਬੈਦਵਾਨ, ਬੀਬੀ ਮਾਰਕੋ, ਅਤੇ ਸੁਰਿੰਦਰ ਸੋਹਲ ਨੇ ਬੀਬੀ ਗੁਰਜੀਤ ਕੌਰ ਦੀ ਸ਼ਖਸੀਅਤ ਅਤੇ ਕਹਾਣੀਆਂ ਬਾਰੇ ਚਰਚਾ ਕੀਤੀ। ਰਾਜਿੰਦਰ ਜਿੰਦ ਨੇ ਗੁਰਜੀਤ ਕੌਰ ਬਾਰੇ ਲਿਖੀ ਕਾਵਿ-ਸ਼ਰਧਾਂਜਲੀ ਪੜ੍ਹੀ।

                

                 ਪੁਸਤਕ ਦੀ ਸੰਪਾਦਨਾ ਦਾ ਕਾਰਜ ਕਰਨ ਸੰਬੰਧੀ ਬੋਲਦੇ ਹੋਏ ਸੁਰਿੰਦਰ ਸੋਹਲ ਨੇ ਕਿਹਾ ਕਿ ਇਹ ਕਾਰਜ ਕਰਕੇ ਸੱਚਮੁੱਚ ਮੇਰੇ ਮਨ ਨੂੰ ਬੇਹੱਦ ਤਸੱਲੀ ਮਿਲੀ ਹੈ। ਇਸ ਨਾਲ ਜਿੱਥੇ ਬੀਬੀ ਗੁਰਜੀਤ ਕੌਰ ਬੈਦਵਾਨ ਹੋਰਾਂ ਦੀਆਂ ਕਹਾਣੀਆਂ ਕਿਤਾਬੀ ਰੂਪ ਵਿਚ ਸੰਭਾਲੀਆਂ ਗਈਆਂ ਹਨ, ਉੱਥੇ ਅਜਿਹੇ ਸਾਰਥਕ ਤੇ ਠੋਸ ਕੰਮ ਨਾਲ ਪੰਜਾਬੀ ਸਾਹਿਤ ਅਕੈਡਮੀ ਦਾ ਕੱਦ ਵੀ ਬੁਲੰਦ ਹੋਇਆ ਹੈ।

                

                 'ਗਰੀਨ ਕਾਰਡ' ਕਹਾਣੀ ਸੰਗ੍ਰਹਿ ਰਲੀਜ਼ ਕਰਨ ਦੀ ਰਸਮ ਅਕੈਡਮੀ ਦੀ ਉਮਰ ਭਰ ਦੀ ਪ੍ਰਧਾਨ ਸ੍ਰੀਮਤੀ ਮਨੋਹਰ ਸਿੰਘ ਮਾਰਕੋ ਹੋਰਾਂ ਨੇ ਅਦਾ ਕੀਤੀ।

ਅਗਲੇ ਦੌਰ ਵਿਚ ਕਵਿਤਾ ਪਾਠ ਹੋਇਆ ਜਿਸ ਵਿਚ ਡਾ. ਜੀਤ ਚੰਦਨ, ਬਲਬੀਰ ਡੁਮੇਲੀ, ਡਾ. ਅਵਤਾਰ ਸਿੰਘ, ਉਂਕਾਰ ਸਿੰਘ ਡੁਮੇਲੀ, ਰਾਜਿੰਦਰ ਜਿੰਦ, ਪਰਗਟ ਸਿੰਘ ਪੰਜਾਬੀ, ਜਸਵੀਰ ਸਿੰਘ ਡੁਮੇਲੀ, ਮਨਮੋਹਨ ਪੂਨੀ, ਅਤੇ ਪਰਮਜੀਤ ਸਾਗਰ ਨੇ ਹਿੱਸਾ ਲਿਆ। ਦਲਜੀਤ ਮੋਖਾ ਹੋਰਾਂ ਨੇ ਚੰਨਣ ਸਿੰਘ ਬਾਬਕ ਦਾ ਖਤ ਅਤੇ ਉਸਦੀ ਇਕ ਰਚਨਾ ਸਾਂਝੀ ਕੀਤੀ।

                

                 ਬੀਬੀ ਮਾਰਕੋ ਹੋਰਾਂ ਨੇ ਸ. ਮਨੋਹਰ ਸਿੰਘ ਮਾਰਕੋ ਹੋਰਾਂ ਦੀ ਗ਼ਜ਼ਲ ਸਾਂਝੀ ਕੀਤੀ।

                

                 ਅੰਤ ਵਿਚ ਪ੍ਰਧਾਨਗੀ ਮੰਡਲ ਵਿਚ ਬੈਠੇ ਗੁਰਚਰਨ ਬੱਧਣ ਨੇ ਆਪਣੀਆਂ ਰਚਨਾਵਾਂ ਸਭ ਨਾਲ ਸਾਂਝੀਆਂ ਕੀਤੀਆਂ। ਸਮਾਗਮ ਦੀ ਕਾਰਵਾਈ ਪਰਮਜੀਤ ਸਾਗਰ ਨੇ ਬਾਖੂਬੀ ਨਿਭਾਈ।

                

                 ਇਸ ਮੀਟਿੰਗ ਵਿਚ ਸਰਬਜੀਤ ਕੌਰ, ਅਵਤਾਰ ਸਿੰਘ ਸ਼ੇਰਪੁਰੀ, ਅਮਰਜੀਤ ਕੌਰ, ਸ੍ਰੀਮਤੀ ਗੁਰਚਰਨ ਬੱਧਣ, ਦੇਸਰਾਜ, ਅਜਮੇਰ ਕੌਰ, ਅਤੇ ਬਲਰਾਜ ਕੌਰ ਨੇ ਭਾਗ ਲਿਆ।