ਕਹਾਣੀ
ਮੁੱਕਦੇ ਰਿਸ਼ਤੇ
ਧੀਆਂ ਪੁੱਤਾਂ ਤੋਂ ਬਾਅਦ ਉਸਦਾ ਸਭ ਤੋਂ ਨੇੜੇ ਦਾ ਰਿਸ਼ਤਾ ਮੇਰੇ ਨਾਲ ਹੈ। ਉਂਝ ਉਹ ਸਾਰੇ ਰਿਸ਼ਤੇ ਤਾਂ 45 ਸਾਲ ਪਹਿਲਾਂ ਹੀ ਖ਼ਤਮ ਕਰ ਆਇਆ ਸੀ।
ਮੈਨੂੰ ਕੱਲ੍ਹ ਵਾਂਗ ਯਾਦ ਹੈ, ਜਦੋਂ ਉਹ ਕਾਲਜ ਵਿਚ ਪੜ੍ਹਨ ਲੱਗਾ ਸੀ। ਮੈਂ ਬਹੁਤ ਛੋਟਾ ਸਾਂ, ਜਦੋਂ ਉਹ ਗਵਾਡੀਨ ਦਾ ਸੂਟ ਪਾ ਕਾਲਜ ਜਾਂਦਾ ਸੀ। ਉਹ ਆਪਣੇ ਪਿੰਡੋਂ ਹੀ ਨਹੀਂ, ਆਪਣੇ ਇਲਾਕੇ ਵਿਚੋਂ ਇਕ ਸੀ, ਜੋ ਕਾਲਜ ਤੱਕ ਗਿਆ ਸੀ। ਉਹ ਖਾਂਦੇ ਪੀਂਦੇ ਘਰ ਦਾ ਮੁੰਡਾ ਸੀ। ਚਾਲੀਆਂ ਖੇਤਾਂ ਦੀ ਖੇਤੀ। ਇਲਾਕੇ ਵਿਚ ਸਭ ਤੋਂ ਅਮੀਰ ਉਹਨਾਂ ਦਾ ਘਰ।
ਪਤਾ ਨਹੀਂ ਕਿਉਂ, ਉਸਨੇ ਦੇਸ਼ ਛੱਡਣ ਦਾ ਫ਼ੈਸਲਾ ਕਰ ਲਿਆ। ਜਹਾਜ਼ੇ ਬੈਠਣ ਵੇਲੇ ਉਸਨੇ ਦੇਸ਼ ਹੀ ਨਹੀਂ ਛੱਡਿਆ, ਸਾਰੇ ਰਿਸ਼ਤੇ-ਨਾਤੇ ਵੀ ਪਿੱਛੇ ਛੱਡ ਦਿੱਤੇ।
ਕਦੇ ਕਦੇ ਚਿੱਠੀ ਆਉਂਦੀ। ਬਹਾਨਿਆਂ ਭਰੀ-'ਮੈਨੂੰ ਠੀਕ ਕੰਮ ਨਹੀਂ ਮਿਲ ਰਿਹਾ। ਕੰਮ ਮੇਰੇ ਮੇਚ ਦਾ ਨਹੀਂ। ਮੈਂ ਕੰਮ ਦੇ ਫਿੱਟ ਨਹੀਂ ਬੈਠਦਾ।'
ਸ਼ਾਇਦ ਪਹਿਲਾਂ ਕਦੇ ਕੰਮ ਨਹੀਂ ਸੀ ਕੀਤਾ, ਇਸੇ ਕਰਕੇ ਤੰਗੀ ਦਾ ਰੋਣਾ ਉਹ ਰੋਈ ਜਾਂਦਾ।
ਮਾਂ-ਪਿਉ, ਚਾਚੇ-ਤਾਏ ਸਭ ਉਸਨੂੰ ਦੇਖਣ ਨੂੰ ਤਰਸਦੇ ਦੁਨੀਆ ਛੱਡ ਕੇ ਤੁਰਦੇ ਗਏ। ਉਸਦੇ ਮਾਂ ਜਾਏ ਵੀ ਤੁਰ ਗਏ, ਪਰ ਉਹ ਕਦੇ ਵਾਪਸ ਨਾ ਆਇਆ। ਰਿਸ਼ਤੇ ਦੀ ਹੋਂਦ ਉਦੋਂ ਤੱਕ ਹੀ ਹੁੰਦੀ ਹੈ, ਜਦੋਂ ਤੱਕ ਅਸੀਂ ਰਿਸ਼ਤੇ ਨਿਭਾਉਂਦੇ ਹਾਂ। ਰਿਸ਼ਤੇ ਨਿਭਾਉਣ ਲਈ ਸਮਾਂ ਚਾਹੀਦਾ ਹੈ, ਜੋ ਉਸ ਕੋਲ ਹੈ ਹੀ ਨਹੀਂ ਸੀ।
ਵਕਤ ਨੇ ਗੇੜਾ ਦਿੱਤਾ। ਉਸ ਕੋਲ ਪੈਸਾ ਆਉਣਾ ਸ਼ੁਰੂ ਹੋ ਗਿਆ। ਫਿਰ ਉਸਦਾ ਸਮਾਂ ਪੈਸਾ ਵਾਧੂ ਕਰਨ ਵਿਚ ਗੁਜ਼ਰਨ ਲੱਗਾ। ਉਸਦਾ ਸਿਰਫ਼ ਇਕ ਹੀ ਰਿਸ਼ਤਾ ਬਚਿਆ ਸੀ-ਪੈਸੇ ਨਾਲ ਰਿਸ਼ਤਾ।
ਕੋਈ ਪੱਚੀ ਕੁ ਸਾਲ ਬਾਅਦ ਇਕ ਰਿਸ਼ਤਾ ਪੁਨਰ-ਸੁਰਜੀਤ ਹੋਇਆ ਸੀ, ਉਹ ਸੀ ਮੇਰੇ ਨਾਲ। ਮੈਂ ਵੀ ਉਸਦੇ ਗੁਆਂਢੀ ਮੁਲਕ ਵਿਚ ਆ ਗਿਆ ਸਾਂ। ਮੈਨੂੰ ਕਦੇ ਕਦੇ ਫੋਨ ਆਉਣ ਲੱਗਾ। ਫੋਨ 'ਤੇ ਉਹ ਹਮੇਸ਼ਾ ਮੈਨੂੰ ਮੇਰੀ ਅਸਫ਼ਲਤਾ ਦਾ ਹੀ ਅਹਿਸਾਸ ਕਰਵਾਉਂਦਾ। ਉਸ ਮੁਤਾਬਕ ਸਫ਼ਲਤਾ ਸਿਰਫ਼ ਪੈਸੇ ਦੀ ਪ੍ਰਾਪਤੀ ਸੀ। ਪੈਸੇ ਮੇਰੇ ਕੋਲ ਗੁਜ਼ਾਰੇ ਜੋਗਾ ਸੀ, ਉਸ ਕੋਲ ਲੋੜ ਤੋਂ ਵੱਧ। ਉਹ ਅਕਸਰ ਕਹਿੰਦਾ-'ਤੁਸੀਂ ਪੈਸੇ ਨੂੰ ਪਿਆਰ ਕਰਨ ਲੱਗ ਜਾਓ, ਪੈਸਾ ਤੁਹਾਨੂੰ ਪਿਆਰ ਕਰਨ ਲੱਗਾ ਪੈਂਦਾ ਹੈ।'
ਇਕ ਦਿਨ ਅਚਾਨਕ ਉਹ ਮੇਰੇ ਘਰ ਆ ਗਿਆ। ਵਰ੍ਹਿਆਂ ਬਾਅਦ ਉਸਦੀ ਸ਼ਕਲ ਬੇਪਛਾਣ ਹੋ ਗਈ ਸੀ। ਮੇਰੇ ਮਸਤਕ ਵਿਚ ਉਸਦੀ ਪੁਰਾਣੀ ਸੂਰਤ ਦਾ ਸਿਰਫ਼ ਧੁੰਦਲਾ ਜਿਹਾ ਪਰਛਾਵਾਂ ਸੀ। ਪਰ ਲਹੂ ਆਪਣਾ ਸੀ। ਪਹਿਚਾਣ ਦਾ ਹੋ ਹੀ ਜਾਂਦੀ ਹੈ। ਭਾਵੇਂ ਲਹੂ ਚਿੱਟਾ ਕਿਉਂ ਨਾ ਹੋ ਗਿਆ ਹੋਵੇ।
ਬੈਠਦਿਆਂ ਹੀ ਉਸਨੇ ਆਪਣੀ ਸਫ਼ਲਤਾ ਦੀ ਕਹਾਣੀ ਸ਼ੁਰੂ ਕਰ ਦਿੱਤੀ। ਬੈਂਕਾਂ ਵਿਚ ਪਏ ਪੈਸੇ ਦੀ। ਖ਼ਰੀਦੇ ਹੋਏ ਘਰਾਂ ਦੀ।
ਮੈਂ ਆਪਣੀ ਧੀ ਨੂੰ ਜੂਸ ਲਿਆਉਣ ਲਈ ਕਿਹਾ। ਨਾਲੇ ਚਾਹ ਰੱਖਣ ਲਈ। ਮੇਰੀ ਧੀ ਜੂਸ ਦਾ ਗਿਲਾਸ ਦੇ ਗਈ।
ਮੈਂ ਪੁੱਛਿਆ-'ਬੱਚਿਆਂ ਦਾ ਕੀ ਹਾਲ ਹੈ?'
ਇਹ ਪੁੱਛਣ ਦੀ ਦੇਰ ਸੀ ਕਿ ਉਸਦੇ ਹੱਥ ਵਿਚ ਫੜ੍ਹਿਆ ਜੂਸ ਦਾ ਗਿਲਾਸ ਜਿਵੇਂ ਉਬਲਣ ਲੱਗ ਪਿਆ। ਕੁਝ ਪਲ ਪਹਿਲਾਂ ਚਮਕਦੀਆਂ ਅੱਖਾਂ ਦੀ ਚਮਕ ਬੁਝ ਗਈ। ਉਸਦੀ ਨਜ਼ਰ ਵਿਚਲਾ ਖਾਲੀਪਨ ਮੇਰੇ ਦਿਲ ਦੇ ਆਰ-ਪਾਰ ਹੋ ਗਿਆ। ਮੈਨੂੰ ਲੱਗਿਆ ਜਿਵੇਂ ਬੇਗਾਨੇ ਸ਼ਹਿਰ ਵਿਚ ਉਸਦੀ ਭਰੀ ਭਰਾਈ ਜੇਬ ਕੱਟੀ ਗਈ ਹੋਵੇ। ਉਹ ਜੇਬ ਜਿਸ ਵਿਚ ਉਸਦੀ ਉਮਰ ਭਰ ਦੀ ਕਮਾਈ ਸਾਂਭੀ ਪਈ ਸੀ।
ਇਕ ਦਮ ਉਠ ਕੇ ਕਹਿਣ ਲੱਗਾ-'ਚੰਗਾ ਮੈਂ ਚਲਦਾ ਹਾਂ।'
ਮੇਰਾ ਕਹਿਣ ਨੂੰ ਦਿਲ ਕਰਦਾ ਸੀ-'ਜਦੋਂ ਤੁਸੀਂ ਪੈਸੇ ਨੂੰ ਪਿਆਰ ਕਰਨ ਲੱਗ ਪਵੋ, ਪੈਸਾ ਤਾਂ ਤੁਹਾਨੂੰ ਪਿਆਰ ਕਰਨ ਲੱਗ ਪੈਂਦਾ ਹੈ, ਪਰ ਬਾਕੀ ਪਿਆਰ ਕਰਨੋ ਹਟ ਜਾਂਦੇ ਹਨ...।'
ਪਰ ਮੈਂ ਕਹਿ ਨਹੀਂ ਸਕਿਆ। ਮੈਂ ਇਹ ਕਹਿ ਕੇ ਉਸਦਾ ਆਖ਼ਰੀ ਰਿਸ਼ਤਾ ਵੀ ਖ਼ਤਮ ਨਹੀਂ ਸੀ ਕਰਨਾ ਚਾਹੁੰਦਾ।
|