ਫਰਵਰੀ ਦੀ ਮੀਟਿੰਗ
ਨਿਊ ਯਾਰਕ (ਅਵਤਾਰ ਸ਼ੇਰਪੁਰੀ) - ਪੰਜਾਬੀ ਸਾਹਿਤ ਅਕੈਡਮੀ ਨਿਊ ਯਾਰਕ ਦੀ ਫਰਵਰੀ 2008 ਦੀ ਮੀਟਿੰਗ ਪੰਜਾਬੀ ਸ਼ਾਇਰਾ ਅਜੀਤ ਕੌਰ ਅਤੇ ਮਨੋਹਰ ਸਿੰਘ ਹੁਰਾਂ ਦੇ ਘਰ 9 ਫਰਵਰੀ ਸ਼ਨਿਚਰਵਾਰ ਨੂੰ ਹੋਈ। ਇਸ ਮੀਟਿੰਗ ਦੀ ਕਾਰਵਾਈ ਨੌਜਵਾਨ ਪੰਜਾਬੀ ਸ਼ਾਇਰ ਬਲਬੀਰ ਸਿੰਘ ਡੁਮੇਲੀ ਨੇ ਬਹੁਤ ਹੀ ਖ਼ੂਬਸੂਰਤੀ ਅਤੇ ਸਫ਼ਲਤਾ ਨਾਲ ਨਿਭਾਈ। ਬਲਬੀਰ ਡੁਮੇਲੀ ਨੇ ਹਰ ਲੇਖਕ ਨੂੰ ਆਪ ਲਿਖੇ ਇਕ ਸ਼ੇਅਰ ਦੇ ਨਾਲ ਜੀ ਆਇਆਂ ਆਖਿਆ ਅਤੇ ਆਪਣਾ ਕਲਾਮ ਪੇਸ਼ ਕਰਨ ਦੀ ਬੇਨਤੀ ਕੀਤੀ।
ਸਭ ਤੋਂ ਪਹਿਲਾਂ ਮਨਮੋਹਨ ਪੂੰਨੀ ਨੇ ਆਪਣੀਆਂ ਦੋ ਕਵਿਤਾਵਾਂ ਆਪਣੇ ਖ਼ੂਬਸੂਰਤ ਅੰਦਾਜ਼ ਵਿੱਚ ਸੁਣਾਈਆਂ ਜਿਨ੍ਹਾਂ ਦੀ ਸਰੋਤਿਆਂ ਵਲੋਂ ਬਹੁਤ ਦਾਦ ਦਿੱਤੀ ਗਈ। ਉਸਤੋਂ ਬਾਦ ਅਮਰਜੀਤ ਘਣਗਸ ਨੇ ਆਪਣੀਆਂ ਨਵੀਆਂ ਲਿਖੀਆਂ ਬੋਲੀਆਂ, ਗੀਤ, ਅਤੇ ਗ਼ਜ਼ਲ ਸੁਣਾਏ ਜਿਨ੍ਹਾਂ ਦੀ ਸਰੋਤਿਆਂ ਨੇ ਖ਼ੂਬ ਸ਼ਲਾਘਾ ਕੀਤੀ। ਉਨ੍ਹਾਂ ਤੋਂ ਬਾਦ ਜਸਬੀਰ ਸਿੰਘ ਡੁਮੇਲੀ ਨੇ ਆਪਣੀਆਂ ਮਾਨਵੀ-ਹਿੱਤ ਵਾਲੀਆਂ ਕਵਿਤਾਵਾਂ ਸੁਣਾ ਕੇ ਵਾਹ ਵਾਹ ਖੱਟੀ। ਇਸਤੋਂ ਬਾਦ ਬਲਬੀਰ ਡੁਮੇਲੀ ਨੇ ਪੰਜਾਬੀ ਗ਼ਜ਼ਲ ਦੇ ਨਿਪੁੰਨ ਸ਼ਾਇਰ ਰਜਿੰਦਰ ਜਿੰਦ ਨੂੰ ਆਪਣਾ ਕਲਾਮ ਪੇਸ਼ ਕਰਨ ਲਈ ਸੱਦਾ ਦਿੱਤਾ। ਜਿੰਦ ਨੇ ਦੋ ਗ਼ਜ਼ਲਾਂ ਸੁਣਾ ਕੇ ਆਪਣੀ ਕਲਾ ਦੀ ਕਮਾਲ ਨਾਲ ਸਰੋਤਿਆਂ ਨੂੰ ਸੁੰਨ ਕਰ ਦਿੱਤਾ। ਇਸ ਤੋਂ ਬਾਦ ਡਾ. ਰਾਮ ਜੀ ਦਾਸ ਸੇਠੀ 'ਮਹਤਾਬ' ਜੀ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਦਾ ਦਿਲ ਜਿੱਤਿਆ। ਜਦੋਂ ਪਰਗਟ ਸਿੰਘ ਹੁਰਾਂ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਆਪਣੇ ਹਾਸਮੁੱਖ ਅੰਦਾਜ਼ ਵਿੱਚ ਆਪਣੀਆਂ ਸਿੱਖਿਆ ਅਤੇ ਹਾਸੇ ਭਰੀਆਂ ਕਵਿਤਾਵਾਂ ਸੁਣਾ ਕੇ ਮਹਿਫ਼ਲ ਵਿੱਚ ਹਾਸੇ ਦਾ ਰੰਗ ਵਿਖਾਰ ਦਿੱਤਾ। ਦਲਜੀਤ ਮੋਖਾ ਨੇ ਆਪਣੀਆਂ ਕਵਿਤਾਵਾਂ ਸੁਨਾਉਣ ਦੀ ਵਜਾਏ ਆਪਣੇ ਦੋਸਤ ਅਤੇ ਪੰਜਾਬੀ ਸ਼ਾਇਰ ਓਂਕਾਰਪਰੀਤ ਦੀਆਂ ਦੋ ਬਹੁਤ ਹੀ ਵਧੀਆਂ ਕਵਿਤਾਵਾਂ ਸੁਣਾਈਆਂ। ਇਸ ਤੋਂ ਬਾਦ ਓਂਕਾਰ ਸਿੰਘ ਡੁਮੇਲੀ ਨੇ ਆਪਣੀਆਂ ਕਮਾਲ ਦੀਆਂ ਲਿਖੀਆਂ ਕਵਿਤਾਵਾਂ ਸੁਣਾਈਆਂ। ਜਦੋਂ ਸਤਾਰਾਂ ਸਾਲਾਂ ਦੇ ਅਮਰਜੀਤ ਡੁਮੇਲੀ ਨੇ ਆਪਣੀਆਂ ਦੋ ਕਵਿਤਾਵਾਂ 'ਪਿਆਰ' ਅਤੇ 'ਮੇਰਾ ਯਾਰ' ਸੁਣਾਈਆਂ ਤਾਂ ਕਮਰਾ ਤਾੜੀਆਂ ਨਾਲ ਗੂੰਜ ਉੱਠਿਆ। ਸੁਰਿੰਦਰ ਸਿੰਘ ਬੈਦਵਾਨ ਨੇ ਆਪਣੀ ਕਹਾਣੀ 'ਫਾਦਰਜ਼ ਡੇਅ' ਪੜ੍ਹੀ। ਕਹਾਣੀ ਦਾ ਅੰਤ ਇੰਨਾ ਦੁਖਾਂਤ ਅਤੇ ਕਮਾਲ ਵਾਲਾ ਸੀ ਕਿ ਸਰੋਤੇ ਪੀੜ ਭਰੀ 'ਆਹ' ਦੀ ਅਵਾਜ਼ ਨਾਲ ਸੁੰਨ ਹੋ ਕੇ ਬੈਠ ਗਏ ਅਤੇ ਕਹਾਣੀ ਦੀ ਦਾਦ ਦੇਣ ਲੱਗੇ। ਇਸ ਤੋਂ ਬਾਦ ਬਲਬੀਰ ਡੁਮੇਲੀ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਜਿਵੇਂ ਕਿ ਅਕੈਡਮੀ ਦੀ ਰੀਤ ਹੈ, ਸਭ ਤੋਂ ਅਖੀਰ ਵਿੱਚ ਮਿਸਿਜ਼ ਮਾਰਕੋ ਜੀ ਨੇ ਸਰਦਾਰ ਮਨੋਹਰ ਸਿੰਘ ਮਾਰਕੋ ਜੀ ਦੀਆਂ ਕਵਿਤਾਵਾਂ ਪੜ੍ਹ ਕੇ ਸਰੋਤਿਆਂ ਨੂੰ ਉਸ ਮਹਾਨ ਸਖਸ਼ੀਅਤ ਦੀ ਯਾਦ ਤਾਜ਼ਾ ਕਰਾ ਕੇ ਗਮਗ਼ੀਨ ਕਰ ਦਿੱਤਾ।
ਮੀਟਿੰਗ ਵਿੱਚ ਕੁਝ ਸੁਝਾ ਪੇਸ਼ ਕੀਤੇ ਗਏ ਕਿ ਅਕੈਡਮੀ ਦੀ ਮੈਂਬਰਾਂ ਅਤੇ ਬਾਹਰੋਂ ਸੱਦੇ ਮਹਿਮਾਨਾਂ ਨੂੰ ਰੂਬਰੂ ਕਰਨ ਦੀ ਰੀਤ ਨੂੰ ਚਲਦਾ ਰੱਖਿਆ ਜਾਵੇ। ਇਹ ਫੈਸਲਾ ਕੀਤਾ ਗਿਆ ਕਿ ਅਗਲੀ ਮੀਟਿੰਗ ਵਿੱਚ ਜੱਜ ਜੀਤ ਸਿੰਘ ਨਾਹਲ ਅਕੈਡਮੀ ਦੇ ਰੂਬਰੂ ਹੋਣ। ਜੱਜ ਨਾਹਲ ਜੀ ਕੀਨੀਆਂ ਵਿੱਚ ਜੰਮੇ ਪਲੇ ਸਨ ਅਤੇ ਫਿਰ ਕਾਫੀ ਦੇਰ ਇੰਗਲੈਂਡ ਅਤੇ ਬਲੀਸ ਵਿੱਚ ਜੱਜ ਰਹੇ। ਹੁਣ ਕਈ ਸਾਲਾਂ ਤੋਂ ਉਹ ਨਿਊ ਯਾਰਕ ਵਿੱਚ ਰਹਿ ਰਹੇ ਹਨ। ਜੱਜ ਸਾਹਿਬ ਹਿੰਦੁਸਤਾਨ ਸਿਰਫ਼ ਇਕ ਵਾਰੀ ਹੀ ਗਏ ਹਨ ਅਤੇ ਉਹ ਵੀ ਮੁੰਬਈ ਵਿੱਚ। ਫਿਰ ਵੀ ਉਹ ਪੰਜਾਬੀ ਬਹੁਤ ਖ਼ੂਬਸੁਰਤੀ ਨਾਲ ਬੋਲਦੇ, ਪੜ੍ਹਦੇ, ਅਤੇ ਲਿਖਦੇ ਹਨ। ਉਨ੍ਹਾਂ ਦੇ ਘਰ ਵਿੱਚ ਪੰਜਾਬੀ ਕਿਤਾਬਾਂ ਦੀ ਬਹੁਤ ਵੱਡੀ ਲਾਇਬਰੇਰੀ ਹੈ। ਮੀਟਿੰਗ ਵਿੱਚ ਇਹ ਵੀ ਸੁਝਾਅ ਦਿੱਤਾ ਗਿਆ ਕਿ ਅਕੈਡਮੀ ਦੇ ਉਮਰ-ਭਰ ਲਈ ਪ੍ਰਧਾਨ ਮਿਸਿਜ਼ ਮਾਰਕੋ ਜੀ ਨੂੰ ਹਰ ਮੀਟਿੰਗ ਦੇ ਪ੍ਰਧਾਨ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਜਾਵੇ।
ਅਖੀਰ ਵਿੱਚ ਬਲਬੀਰ ਡੁਮੇਲੀ ਨੇ ਅਕੈਡਮੀ ਵਲੋਂ ਮਨੋਹਰ ਸਿੰਘ, ਅਜੀਤ ਕੌਰ, ਅਤੇ ਉਨ੍ਹਾਂ ਦੇ ਪ੍ਰਵਾਰ ਦਾ ਆਪਣੇ ਘਰ ਅਕੈਡਮੀ ਦੀ ਮੀਟਿੰਗ ਕਰਾਉਣ ਦਾ ਬਹੁਤ ਧੰਨਵਾਦ ਕੀਤਾ। ਸਾਰੇ ਮੈਂਬਰਾਂ ਨੇ ਮਨੋਹਰ ਸਿੰਘ ਅਤੇ ਅਜੀਤ ਕੌਰ ਜੀ ਨੂੰ ਉਨ੍ਹਾਂ ਦੇ ਘਰ ਵਾਹਿਗੁਰੂ ਵਲੋਂ ਪੋਤੇ ਦੀ ਦਾਤ ਬਖਸ਼ਣ ਦੀ ਬਹੁਤ ਵਧਾਈ ਦਿੱਤੀ। ਇਸ ਮੀਟਿੰਗ ਵਿੱਚ ਜੀਤ ਸਿੰਘ ਨਾਹਲ, ਮਿਸਿਜ਼ ਨਾਹਲ, ਮਿਸਿਜ਼ ਪਰਗਟ ਸਿੰਘ, ਅਵਤਾਰ ਸ਼ੇਰਪੁਰੀ, ਰਾਜ ਮੋਖਾ, ਸਰਬਜੀਤ ਮਾਨ, ਅਜੀਤ ਕੌਰ, ਮਨੋਹਰ ਸਿੰਘ, ਅਤੇ ਪ੍ਰੇਮ ਮਾਨ ਨੇ ਵੀ ਹਾਜ਼ਰੀ ਲੁਆਈ।
|