ਜਨਵਰੀ 5, 2008 ਦੀ ਇਕੱਤਰਤਾ ਦੀ ਰਿਪੋਰਟ

          

 
             
                  

        

 
ਨਵੇਂ ਸਾਲ ਦੀ ਪਹਿਲੀ ਮੀਟਿੰਗ ਵਿੱਚ
ਨਵੀਂ ਪੀੜ੍ਹੀ ਦਾ ਭਰਪੂਰ ਯੋਗਦਾਨ

ਨਿਊ ਯਾਰਕ (ਰੀਤਾ ਕੋਹਲੀ) - ਪੰਜਾਬੀ ਸਾਹਿਤ ਅਕੈਡਮੀ ਨਿਊ ਯਾਰਕ ਦੀ ਜਨਵਰੀ 2008 ਦੀ ਮੀਟਿੰਗ ਵਿੱਚ ਸਾਹਿਤਕਾਰਾਂ ਅਤੇ ਸਹਿਯੋਗੀਆਂ ਨੇ, ਜਿਨ੍ਹਾਂ ਦੀ ਉਮਰ 12 ਸਾਲ ਤੋਂ ਲੈ ਕੇ 95 ਸਾਲ ਤੱਕ ਦੀ ਸੀ, ਬੜੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਮਹਿਫ਼ਲ ਨੂੰ ਚਾਰ ਚੰਨ ਲਾਏ। ਲੱਗ ਰਿਹਾ ਸੀ ਕਿ ਅਕੈਡਮੀ, ਜਿਸਦੀ ਉਮਰ ਸਿਰਫ਼ ਡੇਢ ਸਾਲ ਦੀ ਹੈ, ਬੁਲੰਦੀਆਂ ਨੂੰ ਛੁਹ ਰਹੀ ਹੈ।

            
             ਅਕੈਡਮੀ ਦੀ ਮੀਟਿੰਗ ਪੰਜਾਬੀ ਭਾਈਚਾਰੇ ਦੀ ਜਾਣੀ ਪਹਿਚਾਣੀ ਸਖਸ਼ੀਅਤ ਸਰਦਾਰ ਓਂਕਾਰ ਸਿੰਘ ਡੁਮੇਲੀ ਹੁਰਾਂ ਦੇ ਘਰ 5 ਜਨਵਰੀ ਸ਼ਨਿਚਰਵਾਰ ਨੂੰ ਹੋਈ। ਪਹਿਲਾਂ ਅਕੈਡਮੀ ਦੀ ਕਾਰਵਾਈ ਹਰ ਵਾਰੀ ਅਕੈਡਮੀ ਦੇ ਸਕੱਤਰ ਹੀ ਕਰਦੇ ਸਨ ਪਰ ਕੁਝ ਦੇਰ ਤੋਂ ਅਕੈਡਮੀ ਨੇ ਆਪਣੇ ਹੋਰ ਮੈਂਬਰਾਂ ਨੂੰ ਮੀਟਿੰਗ ਦੀ ਕਾਰਵਾਈ ਕਰਨ ਦਾ ਮੌਕਾ ਦਿੱਤਾ ਹੈ। ਇਸ ਵਾਰੀ ਮਨਮੋਹਨ ਪੂੰਨੀ ਨੇ ਮੀਟਿੰਗ ਦੀ ਕਾਰਵਾਈ ਬਹੁਤ ਹੀ ਸਫ਼ਲਤਾ ਨਾਲ ਨਿਭਾਈ। ਪੂੰਨੀ ਜੀ ਨੇ ਮੀਟਿੰਗ ਦੀ ਕਾਰਵਾਈ ਆਪਣੀ ਕਵਿਤਾ ''ਨਵਾਂ ਸਾਲ" ਨਾਲ ਸ਼ੁਰੂ ਕੀਤੀ। ਇਸ ਤੋਂ ਬਾਦ ਡਾ. ਰਾਮ ਜੀ ਦਾਸ ਸੇਠੀ 'ਮਹਤਾਬ' ਜੀ ਅਤੇ ਰਾਜਿੰਦਰ ਜਿੰਦ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਸੁਣਾ ਕੇ ਮਹਿਫ਼ਲ ਦਾ ਮਨ ਮੋਹਿਆ। ਫਿਰ ਓਂਕਾਰ ਸਿੰਘ ਡੁਮੇਲੀ, ਬਲਬੀਰ ਸਿੰਘ ਡੁਮੇਲੀ, ਅਤੇ ਜਸਬੀਰ ਸਿੰਘ ਡੁਮੇਲੀ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਵਾਹ ਵਾਹ ਲੁੱਟੀ।

            
             ਹਰਮਿੰਦਰ ਸਿੰਘ ਜਿੰਦ (17 ਸਾਲ) ਅਤੇ ਮਨਿੰਦਰ ਸਿੰਘ ਜਿੰਦ (14 ਸਾਲ) ਨੇ ਜਦੋਂ ਆਪਣੀਆਂ ਛੋਟੀਆਂ ਛੋਟੀਆਂ ਪਰ ਅਰਥ-ਭਰਪੂਰ ਕਵਿਤਾਵਾਂ ਸੁਣਾਈਆਂ ਤਾਂ ਉਨ੍ਹਾਂ ਦੀ ਇੰਨੀ ਸਲਾਹੁਣਾ ਹੋਈ ਕਿ ਉਨ੍ਹਾਂ ਨੂੰ ਇਹ ਕਵਿਤਾਵਾਂ ਦੂਜੀ ਵਾਰੀ ਪੜ੍ਹਨ ਲਈ ਆਖਿਆ ਗਿਆ।

            
             ਡਾ. ਰਣਜੀਤ ਗਰੋਵਰ ਜੀ ਅਤੇ ਮਿਸਿਜ਼ ਮਾਰਕੋ ਜੀ ਨੇ ਸਰਦਾਰ ਮਨੋਹਰ ਸਿੰਘ ਮਾਰਕੋ ਜੀ ਦੀਆਂ ਕਵਿਤਾਵਾਂ ਪੜ੍ਹ ਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਿਆ। ਭਾਗ ਸਿੰਘ ਰੱਕੜ ਜੀ ਨੇ ਆਪਣੀ ਕਵਿਤਾ ਪੜ੍ਹੀ। ਗੁਰਪ੍ਰੀਤ ਕੌਰ (12 ਸਾਲ) ਨੇ ਹਰਮੋਨੀਅਮ ਵਜਾ ਕੇ ਰਾਗ ਮਾਲਕੌਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਸ਼ਬਦ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਜਦੋਂ 17 ਸਾਲ ਦੇ ਅਮਰਜੀਤ ਸਿੰਘ ਨੇ ਕਵਿਤਾ ਪੜ੍ਹੀ ਤਾਂ ਕਮਰਾ ਵਾਹ ਵਾਹ ਨਾਲ ਗੂੰਜ ਉਠਿਆ। ਸਰਦਾਰ ਰਣਧੀਰ ਸਿੰਘ ਜੀ ਨੇ ਆਪਣੀ ਕਵਿਤਾ ਤਰੰਨਮ ਵਿੱਚ ਪੇਸ਼ ਕਰ ਕੇ ਮਹਿਫ਼ਲ ਨੂੰ ਸੰਗੀਤ-ਮਈ ਬਣਾ ਦਿੱਤਾ।

            
             ਦੂਸਰੇ ਦੌਰ ਵਿੱਚ ਸਰਦਾਰ ਰਣਧੀਰ ਸਿੰਘ ਜੀ ਨੇ ਰਾਗ ਬਾਗੇਸ਼ਵਰੀ ਵਿੱਚ ਗ਼ਜ਼ਲ ਗਾਈ। ਡੁਮੇਲੀ ਪ੍ਰਵਾਰ ਦੇ ਬਜ਼ੁਰਗ ਬਾਪੂ ਨਿਰੰਜਨ ਸਿੰਘ ਜੀ (95 ਸਾਲ) ਨੇ ਫ਼ਾਰਸੀ ਵਿੱਚ ਕਵਿਤਾ ਪਾਠ ਕੀਤਾ। ਸੁਰਿੰਦਰ ਸਿੰਘ ਵਾਦਵਾਨ ਨੇ ਆਪਣੀ ਪਤਨੀ ਗੁਰਜੀਤ ਕੌਰ ਦੀ ਕਹਾਣੀ ਪੜ੍ਹ ਕੇ ਉਨ੍ਹਾਂ ਦੀ ਯਾਦ ਤਾਜ਼ਾ ਕਰਾਈ। ਜਤਿੰਦਰ ਕੌਰ ਨੇ ਕਵਿਤਾ ਪੜ੍ਹੀ। ਅੰਤ ਵਿੱਚ ਰੀਤਾ ਕੋਹਲੀ ਨੇ ਗ਼ਜ਼ਲਾਂ ਅਤੇ ਪੰਜਾਬੀ ਕਵਾਲੀ ਗਾ ਕੇ ਮਹਿਫ਼ਲ ਵਿੱਚ ਰੰਗ ਜਮਾਇਆ। ਰੀਤਾ ਕੋਹਲੀ ਅਤੇ ਗੁਰਪ੍ਰੀਤ ਕੌਰ ਨਾਲ ਤਬਲੇ ਤੇ ਸ਼ਰਨਜੀਤ ਸਿੰਘ (ਹੈਪੀ) ਨੇ ਸਾਥ ਦਿੱਤਾ। ਉਨ੍ਹਾਂ ਨੇ ਤਬਲੇ ਤੇ ਕਾਇਦੇ ਤੇ ਪਲਟੇ ਵਜਾ ਕੇ ਆਪਣੀ ਕਲਾ ਦਾ ਇਜ਼ਹਾਰ ਕੀਤਾ। ਡਾ. ਸੇਠੀ ਨੇ ਆਪਣੀ ਕਿਤਾਬ 'ਲੰਡਨ ਦੀ ਯਾਤਰਾ ਦਾ ਇਕ ਦਿਨ' ਦੇ ਕੁਝ ਖ਼ੂਬਸੂਰਤ ਹਿੱਸੇ ਪੜ੍ਹ ਕੇ ਸੁਣਾਏ।

            
             ਅਖ਼ੀਰ ਵਿੱਚ ਸਰਦਾਰ ਰਣਧੀਰ ਸਿੰਘ ਜੀ ਨੇ ਸਾਰੇ ਸਾਹਿਤਕਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਸਰਦਾਰ ਓਂਕਾਰ ਸਿੰਘ ਜੀ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।