ਟੁਕੜੇ-ਟੁਕੜੇ ਸੱਚ
ਮਸਤਕ ਤੇ ਉੱਕਰੇ ਹੋਏ ਚਿੰਨ੍ਹ…
ਉਮਰ ਦੇ ਸੱਚ ਨੂੰ,
ਤਨ ਦੀ ਮੋਹਰ ਬਣਾਉਣ ਦੇ ਚਾਹਵਾਨ ਹਨ
ਪਰ…
ਸੋਚ ਦਾ ਜ਼ਾਵੀਆ
ਬਦਲਣ ਦੀ ਪੁਕਾਰ 'ਚ ਹੈ…
ਦੂਰ ਦੁਰਾਡਿਉਂ ਆਉਂਦੀ
ਅਦ੍ਰਿਸ਼ ਪੈੜਾਂ ਦੀ ਅਵਾਜ਼
ਮਨ ਦੀਆਂ ਗਲੀਆਂ 'ਚ
ਧੜਕਦੀਆਂ ਧੜਕਣਾਂ ਨੂੰ ਬੇਚੈਨ ਕਰਦੀ…
ਨਵੇਂ ਸੰਦੇਸ਼ਾਂ ਨਾਲ ਨੱਚਦੀ ਹਵਾ
ਬੰਦ ਬੂਹਿਆਂ ਦੇ ਕੁੰਡੇ ਖੜਕਾਉਂਦੀ
ਪਰ…
ਉਹ…
ਅਜੇ ਵੀ
ਯਾਦਾਂ ਦੀਆਂ ਗਲੀਆਂ ਭਟਕਦੀ
ਨਵੇਂ ਸੰਦੇਸ਼ਾਂ ਦੀ ਸਰਸਰਾਹਟ ਤਾਂ ਸੁਣਦੀ
ਪਰ…
ਕੁੰਡੀ ਨਾ ਖੁਲ੍ਹਦੀ
ਫੇਰ…
ਉਲਝ ਬਹਿੰਦੀ
ਸ਼ਿਕਾਇਤਾਂ ਨਾਲ…ਰਵਾਇਤਾਂ ਨਾਲ…।
ਬੰਦ ਬੂਹੇ ਤੇ ਪਿੱਠ ਲਾ ਬਹਿੰਦੀ
ਯਾਦ ਕਰਦੀ…ਸ਼ਿਕਾਇਤਾਂ!
ਆਪਣੇ ਹੀ ਸੁਪਨਿਆਂ ਨਾਲ…
ਜਿਨ੍ਹਾਂ ਸੰਗ ਉਹ ਪੈਲਾਂ ਤਾਂ ਪਾਉਂਦੀ ਰਹੀ
ਪਰ…ਉਮਰ ਦਾ ਹਿਸਾਬ ਨਾ ਰੱਖ ਸਕੀ…
ਬਚਪਨ ਦੀ ਪੀਂਘ
ਜਿਸ ਤੇ ਬੈਠ
ਮੌਜ-ਮਸਤੀ ਦੇ ਝੂਟੇ ਨਾ ਝੂਟ ਸਕੀ
ਜਵਾਨੀ ਦੀ ਡੋਲੀ
ਜੋ…ਮੁਹੱਬਤ ਦੀ ਜ਼ਮੀਨ ਤੇ ਨਾ ਉਤਾਰ ਸਕੀ
ਤੇ…ਰਵਾਇਤਾਂ…
ਜਿਨ੍ਹਾਂ ਦੀਆਂ ਤੰਦਾਂ ਸਨ…ਏਨੀਆਂ ਸੌੜੀਆਂ
ਕਿ ਉਹਦੀਆਂ ਸੱਧਰਾਂ
ਚੜ੍ਹ ਨਾ ਸਕੀਆਂ ਪੌੜੀਆਂ
ਰਵਾਇਤਾਂ -ਸ਼ਕਾਇਤਾਂ ਦੀ ਵਲਗਣ 'ਚੋਂ ਨਿਕਲ
ਜਦ ਵੀ ਵੇਖਦੀ ਸ਼ੀਸ਼ੇ 'ਚੋਂ…
ਨਜ਼ਰ ਆਉਂਦਾ…
ਉਮਰ ਦਾ ਸੱਚ…
ਫੇਰ…
ਲੜਿਆ ਨਾ ਜਾਂਦਾ…
ਹੋਰ…
ਝੁਰੜੀਆਂ ਭਰੇ ਚਿਹਰੇ ਨਾਲ…
ਮਹਿੰਦੀ ਰੰਗੇ ਵਾਲਾਂ ਨਾਲ…
ਤੇ ਅਖੀਰ…।
ਉਹ ਮੂੰਹ ਫੇਰ ਲੈਂਦੀ
ਸ਼ੀਸ਼ੇ ਤੋਂ…
ਉਮਰ ਦੇ ਸੱਚ ਦਾ
ਭਾਵੇਂ ਉਸ ਕੋਲ ਕੋਈ ਜਵਾਬ ਨਹੀਂ
ਪਰ ਮਨ ਦੇ ਕਿਸੇ ਕੋਨੇ 'ਚ
ਉਮਰ ਦੇ ਅਖੀਰ ਤੱਕ
ਪਏ ਹੀ ਰਹਿਣਗੇ…
ਟੁੱਟੇ ਹੋਏ ਸੁਪਨੇ…
ਦਿਲ 'ਚ…
ਚੁਭਦਾ ਹੀ ਰਹੇਗਾ…
ਟੁਕੜੇ-ਟੁਕੜੇ ਕੱਚ…
ਟੁਕੜੇ-ਟੁਕੜੇ ਕੱਚ…
|